ਸੰਗਰੂਰ :-ਵਿਧਾਨ ਸਭਾ ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਰਾਣਾ ਵੱਲੋਂ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਿਲਾਫ ਦੋਸ਼ ਲਗਾਏ ਜਾ ਰਹੇ ਹਨ ਕਿ ਇਹਨਾਂ ਨੇ ਜਲੰਧਰ ਦੇ ਪਿੰਡ ਕਡਿਆਣਾ ਵਿਖੇ ਸਰਕਾਰੀ ਜਮੀਨ ਉੱਤੇ ਧੋਖਾਧੜੀ ਕਰਕੇ ਕਬਜ਼ਾ ਕੀਤਾ ਹੋਇਆ ਹੈ। ਰਣਜੀਤ ਰਾਣਾ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਮੈਂਬਰ ਪਾਰਲੀਮੈਂਟ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾਇਆ ਜਾਵੇ ਨਹੀਂ ਤਾਂ ਉਕਤ ਵਿਅਕਤੀ ਜਿੱਤ ਕੇ ਸੰਗਰੂਰ ਵਿੱਚ ਵੀ ਸਰਕਾਰੀ ਜਮੀਨਾਂ ਤੇ ਕਬਜ਼ੇ ਕਰੇਗਾ ਅਤੇ ਸਮਾਜ ਨੂੰ ਗੰਧਲਾ ਕਰੇਗਾ।ਸਰਦਾਰ ਰਣਜੀਤ ਸਿੰਘ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਾਲ 2015-16 ‘ਚ ਕੇਂਦਰ ਸਰਕਾਰ ਦੀ ਜ਼ਮੀਨ ਉੱਤੇ ਧੋਖਾਧੜੀ ਕਰਕੇ ਕਬਜ਼ਾ ਕੀਤਾ ਅਤੇ ਜਮੀਨ ਆਪਣੇ ਨਾਮ ਕਰਵਾ ਲਈ ਸੀ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਮੁੱਖ ਧੰਦਾ ਪੰਜਾਬ ਦੇ ਮੁੱਦੇ ਚੁੱਕ ਕੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਤੋਂ ਪੈਸਾ ਇਕੱਠਾ ਕਰਨਾ ਹੈ। ਖਹਿਰਾ ਪੰਜਾਬ ‘ਚ ਬਿਆਨ ਦਿੰਦੇ ਹਨ ਅਤੇ ਵਿਦੇਸ਼ਾਂ ‘ਚ ਬੈਠੇ ਉਨ੍ਹਾਂ ਦੇ ਏਜੰਟ ਪੰਜਾਬੀਆਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਖਹਿਰਾ ਪੰਜਾਬ ਦਾ ਖਾੜਕੂ ਲੀਡਰ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਸਬੰਧੀ ਖਹਿਰਾ ਖਿਲਾਫ ਕੇਸ ਵੀ ਦਰਜ ਕੀਤਾ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇੱਥੇ ਦੱਸਣਾ ਜ਼ਰੂਰੀ ਹੈ ਕਿ ਰਣਜੀਤ ਸਿੰਘ ਰਾਣਾ ਅਤੇ ਸੁਖਪਾਲ ਖਹਿਰਾ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਸਿਆਸੀ ਰੰਜਿਸ਼ ਚੱਲ ਰਹੀ ਹੈ। ਰਾਣਾ ਪਹਿਲਾਂ ਕਾਂਗਰਸ ਵਿੱਚ ਸਨ, ਪਰ ਅੱਜ ਕੱਲ੍ਹ ਉਹ ਆਮ ਆਦਮੀ ਪਾਰਟੀ ਵਿੱਚ ਹਨ, ਜਦਕਿ ਸੁਖਪਾਲ ਸਿੰਘ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸਨ, ਪਰ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਆਮ ਆਦਮੀ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਸੀ ਪਰ ਕੁਝ ਸਮੇਂ ਬਾਅਦ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਖਿਲਾਫ ਬਾਗੀ ਰਵੱਈਆ ਅਪਣਾਇਆ ਹੈ। ਬਾਅਦ ਵਿੱਚ ਖਹਿਰਾ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਭੁਲੱਥ ਵਿਧਾਨ ਸਭਾ ਸੀਟ ਤੋਂ ਜਿੱਤ ਗਏ।