ਜਲੰਧਰ। ਬਹੁਜਨ ਸਮਾਜ ਪਾਰਟੀ ਦੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਨੇ ਮੀਡਿਆ ਨੂੰ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਪਾਰਟੀ ਵੱਲੋਂ ਜਲੰਧਰ ਪੱਛਮੀ ਦੀ ਵਿਧਾਨਸਭਾ ਉਪਚੋਣ ਲੜਨ ਦਾ ਫੈਸਲਾ ਲਿਆ ਗਿਆ ਹੈ l ਉਨ੍ਹਾਂ ਕਿਹਾ ਕਿ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ ਦੀ ਸਾਰੀ ਲੀਡਰਸ਼ਿਪ ਤੇ ਲੋਕਸਭਾ ਜਲੰਧਰ ਦੇ ਵਰਕਰਾਂ ਦੀ ਰਾਏ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਪਾਰਟੀ ਹਮੇਸ਼ਾ ਦਲਿਤਾਂ, ਪਛੜੇ ਵਰਗਾਂ, ਧਾਰਮਿਕ ਘੱਟ ਗਿਣਤੀਆਂ ਤੇ ਆਮ ਲੋਕਾਂ ਦੀ ਲੜਾਈ ਲੜਦੀ ਰਹੀ ਹੈ ਤੇ ਇਸ ਉਪ ਚੋਣ ਵਿੱਚ ਵੀ ਸਾਰੇ ਵੋਟਰਾਂ ਦੀ ਬਿਹਤਰੀ ਦਾ ਏਜੰਡਾ ਲੋਕਾਂ ਵਿੱਚ ਲੈ ਕੇ ਜਾਵੇਗੀ l ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲਗਾਤਾਰ ਕਾਂਗਰਸ ਤੇ ਭਾਜਪਾ ਦੀਆਂ ਸਰਕਾਰਾਂ ਰਹੀਆਂ ਹਨ ਤੇ ਸੂਬੇ ਵਿੱਚ ਆਪ ਦੀ ਸਰਕਾਰ ਵੀ ਲੋਕਾਂ ਨੇ ਬਦਲ ਦੇ ਰੂਪ ਵਿੱਚ ਬਣਾਈ ਸੀ। ਪਰ ਇਹ ਸਾਰੀਆਂ ਪਾਰਟੀਆਂ ਲੋਕਾਂ ਦੀਆਂ ਉਮੀਦਾਂ ਤੇ ਖਰੀਆਂ ਨਹੀਂ ਉੱਤਰ ਸਕੀਆ ਹਨ। ਇਸ ਲਈ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਬਸਪਾ ਲੋਕਾਂ ਕੋਲ਼ ਇਨ੍ਹਾਂ ਪਾਰਟੀਆਂ ਦਾ ਚੰਗਾ ਬਦਲ ਹੈ। ਬਸਪਾ ਲਗਾਤਾਰ ਲੋਕ ਹਿੱਤਾਂ ਵਿੱਚ ਕੰਮ ਕਰਦੀ ਆ ਰਹੀ ਹੈ ਤੇ ਚੋਣਾਂ ਜਿੱਤ ਕੇ ਹੋਰ ਵਧੀਆ ਢੰਗ ਨਾਲ ਲੋਕਾਂ ਦੀ ਸੇਵਾ ਕਰ ਸਕਦੀ ਹੈ।