ਜਲੰਧਰ, 9 ਜੂਨ : ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ ਨੇ ਸਤਿਗੁਰੂ ਸਵਾਮੀ ਗਿਆਨ ਗਿਰੀ ਜੀ ਮਹਾਰਾਜ ਦੇ 15 ਜੂਨ ਨੂੰ ਮਨਾਏ ਜਾ ਰਹੇ ਪ੍ਰਕਾਸ਼ ਉਤਸਵ, 14 ਜੂਨ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਅਤੇ 13 ਜੂਨ ਨੂੰ ਜਾਗੋ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਲੋਕ ਸਭਾ ਮੈਂਬਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਸਮਾਗਮਾਂ ਨੂੰ ਧਾਰਮਿਕ ਰੀਤੀ-ਰਿਵਾਜ਼ਾਂ ਅਨੁਸਾਰ ਮਨਾਉਣ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪਦਿਆਂ ਵਿਸਥਾਰਪੂਰਵਕ ਹਦਾਇਤਾਂ ਦਿੱਤੀਆਂ।ਲੋਕ ਸਭਾ ਮੈਂਬਰ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਸਮਾਗਮਾਂ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਾਲ-ਨਾਲ ਲੋਕਾਂ ਦੀ ਸੁਵਿਧਾ ਲਈ ਰੂਟ ਪਲਾਨ ਵੀ ਤਿਆਰ ਕਰਨ ਲਈ ਕਿਹਾ। ਇਸ ਦੇ ਨਾਲ ਹੀ ਮਹਿਲਾ ਪੁਲਿਸ ਦੀ ਤਾਇਨਾਤੀ ਤੋਂ ਇਲਾਵਾ ਢੁੱਕਵੀਂ ਪਾਰਕਿੰਗ ਅਤੇ ਸੁਚਾਰੂ ਟ੍ਰੈਫਿਕ ਵਿਵਸਥਾ ਨੂੰ ਵੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਜਾਗੋ ਅਤੇ ਸ਼ੋਭਾ ਯਾਤਰਾ ਵਾਲੇ ਰੂਟ ’ਤੇ ਜੇਕਰ ਕਿਤੇ ਕੋਈ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਹਨ ਤਾਂ ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਐਂਬੂਲੈਂਸਾਂ ਦੀ ਤਾਇਨਾਤੀ, ਦਵਾਈਆਂ ਅਤੇ ਮੈਡੀਕਲ ਟੀਮਾਂ ਦੀ ਵਿਵਸਥਾ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਜਾਗੋ ਤੇ ਸ਼ੋਭਾ ਯਾਤਰਾ ਦੇ ਰੂਟ ’ਤੇ ਸਾਫ-ਸਫਾਈ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਆਰਜੀ ਪਖਾਨੇ, ਫਾਇਰ ਬ੍ਰਿਗੇਡ ਸਮੇਤ ਸਮੁੱਚੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਗਮਾਂ ਸਬੰਧੀ ਸਮੁੱਚੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਸ ਸਬੰਧੀ ਵੱਖ-ਵੱਖ ਅਧਿਕਾਰੀਆਂ ਨੂੰ ਡਿਊਟੀਆਂ ਸੌਂਪ ਦਿੱਤੀਆਂ ਗਈਆਂ ਹਨ ਅਤੇ ਪ੍ਰਬੰਧਾਂ ਪੱਖੋਂ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਸ਼ੋਭਾ ਯਾਤਰਾ ਵਿੱਚ ਲੰਗਰ ਲਗਾਉਣ ਦੌਰਾਨ ਸਫਾਈ ਵਿਵਸਥਾ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।
ਡਿਪਟੀ ਕਮਿਸ਼ਨਰ ਆਫ ਪੁਲਿਸ ਜਗਮੋਹਨ ਸਿੰਘ ਨੇ ਵੀ ਸਮਾਗਮਾਂ ਦੌਰਾਨ ਸੁਚੱਜੀ ਪਾਰਕਿੰਗ, ਸੁਰੱਖਿਆ ਅਤੇ ਸੁਚਾਰੂ ਟ੍ਰੈਫਿਕ ਵਿਵਸਥਾ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ।
ਜ਼ਿਕਰਯੋਗ ਹੈ ਕਿ ਪ੍ਰਕਾਸ਼ ਉਤਸਵ ਸਬੰਧੀ ਜਾਗੋ ਸਤਿਗੁਰੂ ਗਿਆਨ ਗਿਰੀ ਜੀ ਮਹਾਰਾਜ ਮੁੱਖ ਮੰਦਰ ਭਾਰਗੋ ਕੈਂਪ ਤੋਂ ਸ਼ੁਰੂ ਹੋ ਕੇ ਮਾਡਲ ਹਾਊਸ ਰੋਡ, ਮੰਗੂ ਬਸਤੀ, ਅਵਤਾਰ ਨਗਰ ਗਲੀ ਨੰ. 13 ਤੋਂ ਹੁੰਦੇ ਹੋਏ ਮੁੜ ਸਤਿਗੁਰੂ ਗਿਆਨ ਗਿਰੀ ਜੀ ਮਹਾਰਾਜ ਮੁੱਖ ਮੰਦਰ ਭਾਰਗੋ ਕੈਂਪ ਵਿਖੇ ਪਹੁੰਚੇਗੀ। ਇਸੇ ਤਰ੍ਹਾਂ ਸ਼ੋਭਾ ਯਾਤਰਾ ਸਤਿਗੁਰੂ ਗਿਆਨ ਗਿਰੀ ਜੀ ਮਹਾਰਾਜ ਮੁੱਖ ਮੰਦਰ ਭਾਰਗੋ ਕੈਂਪ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਰਵਿਦਾਸ ਚੌਕ, ਨਕੋਦਰ ਚੌਕ, ਅਵਤਾਰ ਨਗਰ ਗਲੀ ਨੰ. 13, ਬਸਤੀ ਸ਼ੇਖ ਰੋਡ ਤੋਂ ਮਾਡਲ ਹਾਊਸ ਰੋਡ ਅਤੇ ਮਾਡਲ ਹਾਊਸ ਰੋਡ ਤੋਂ ਹੁੰਦੇ ਹੋਏ ਮੁੜ ਸਤਿਗੁਰੂ ਗਿਆਨ ਗਿਰੀ ਜੀ ਮਹਾਰਾਜ ਮੁੱਖ ਮੰਦਰ ਭਾਰਗੋ ਕੈਂਪ ਪਹੁੰਚੇਗੀ।
ਇਸ ਮੌਕੇ ਐਸ.ਡੀ.ਐਮ. ਬਲਬੀਰ ਰਾਜ ਸਿੰਘ,ਸਹਾਇਕ ਸਿਵਲ ਸਰਜਨ ਵਰਿੰਦਰ ਕੌਰ ਥਿੰਦ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਮੁੱਖ ਮੰਦਰ ਕਮੇਟੀ, ਸ਼ੋਭਾ ਯਾਤਰਾ ਕਮੇਟੀ ਅਤੇ ਜਾਗੋ ਕਮੇਟੀ ਦੇ ਨੁਮਾਇੰਦੇ ਵੀ ਮੌਜੂਦ ਸਨ।