ਜਲੰਧਰ, 12 ਜਨਵਰੀ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ 23 ਨਵੰਬਰ 2023 ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ’ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਹੋਏ ਪੁਲਿਸ ਹਮਲੇ ਦੀ ਸੀ ਬੀ ਆਈ ਜਾਂਚ ਹੋਵੇ ਜਾਂ ਫਿਰ ਹਾਈ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਈ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਇਹ ਮੰਗ ਇਸ ਕਰਕੇ ਕਰ ਰਹੇ ਹਨ ਕਿਉਂਕਿ ਘਟਨਾ ਵਾਪਰਨ ਦੇ 50 ਦਿਨਾਂ ਬਾਅਦ ਵੀ ਕੇਸ ਵਿਚ ਨਿਆਂ ਨਹੀਂ ਮਿਲਿਆ।
ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਪੁਲਿਸ ਅਫਸਰ ਐਸ ਭੂਪਤੀ, ਐਸ ਐਸ ਪੀ ਕਪੂਰਥਲਾ, ਡੀ ਐਸ ਪੀ ਕਪੂਰਥਲਾ ਤੇ ਏ ਐਸ ਆਈ ਜਸਪਾਲ ਸਿੰਘ ਤੇ ਲਖਵਿੰਦਰ ਦੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੀ ਜਾਵੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਪੁਲਿਸ ਅਫਸਰਾਂ ਨੂੰ ਹਦਾਇਤ ਕੀਤੀ ਸੀਕਿ ਉਹ ਗੁਰਦੁਆਰਾ ਸਾਹਿਬ ’ਤੇ ਹਮਲਾ ਕਰਨ ਤਾਂ ਜੋ ਨਿਹੰਗ ਸਿੰਘਾਂ ਦੇ ਇਕ ਧੜੇ ਨੂੰ ਇਸ ਥਾਂ ਦਾ ਕਬਜ਼ਾ ਦੁਆਇਆ ਜਾ ਸਕੇ ਕਿਉਂਕਿ ਉਹ ਤੇ ਉਹਨਾਂ ਦਾ ਪਰਿਵਾਰ ਨਿਹੰਗਾਂ ਦੇ ਇਸ ਧੜੇ ਦੇ ਕਾਫੀ ਕਰੀਬੀ ਹਨ।
ਪੁਲਿਸ ਅਫਸਰਾਂ ਦੀ ਭੂਮਿਕਾ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਗੈਰ ਕਾਨੂੰਨੀ ਹੁਕਮ ਲਾਗੂ ਕੀਤਾ ਤੇ ਬੇਦੋਸ਼ੇ ਲੋਕਾਂ ’ਤੇ ਆਟੋਮੈਟਿਕ ਹਥਿਆਰਾਂ ਨਾਲ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕੀਤਾ ਤੇ ਗੁਰਦੁਆਰਾ ਸਾਹਿਬ ਵਿਚ ਚਲ ਰਹੇ ਸ੍ਰੀ ਆਖੰਡ ਪਾਠ ਸਾਹਿਬ ਵਿਚ ਵਿਘਨ ਪਾਇਆ। ਉਹਨਾਂ ਕਿਹਾ ਕਿ ਦੋ ਜੂਨੀਅਰ ਪੁਲਿਸ ਮੁਲਾਜ਼ਮਾਂ ਜਸਪਾਲ ਸਿੰਘ ਨੇ ਬੇਦੋਸ਼ੇ ਲੋਕਾਂ ਖਿਲਾਫ ਏ ਕੇ 47 ਦੀ ਵਰਤੋਂ ਕੀਤੀ ਜਦੋਂ ਕਿ ਲਖਵਿੰਦਰ ਸਿੰਘ ਨੇ ਪੀ ਟੀ ਸੀ ਦੇ ਰਿਪੋਰਟਰ ਦਾ ਕੈਮਰਾ ਤਬਾਹ ਕੀਤਾ ਤੇ ਕੈਮਰਾਮੈਨ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਉਸਦੀਆਂ ਉਂਗਲਾਂ ਤੋੜ ਦਿੱਤੀਆਂ। ਉਹਨਾਂ ਕਿਹਾ ਕਿ ਇਹਨਾਂ ਸਾਰਿਆਂ ਖਿਲਾਫ ਕਾਨੂੰਨ ਮੁਤਾਬਕ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਗੁਰਦੁਆਰਾ ਸਾਹਿਬ ’ਤੇ ਹਮਲੇ ਦੀ ਯੋਜਨਾ ਗਿਣੀ ਮਿਥੀ ਸਾਜ਼ਿਸ਼ ਸੀ।ਉਹਨਾਂ ਕਿਹਾ ਕਿ ਪੁਲਿਸ ਫੋਰਸ ਨੇ 22 ਨਵੰਬਰ ਦੀ ਸ਼ਾਮ ਨੂੰ ਪਹਿਲਾਂ 5 ਵਜੇ, ਫਿਰ 7 ਵਜੇ ਤੇ ਫਿਰ 10 ਵਜੇ ਹਾਲਾਤਾਂ ਦਾ ਜਾਇਜ਼ਾ ਲਿਆ ਪਰ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੀ ਮੌਜੂਦਗੀ ਕਾਰਨ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਣ ਦਾ ਯਤਨ ਨਹੀਂ ਕੀਤਾ। ਉਹਨਾਂ ਨੇ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀਇਕ ਵੀਡੀਓ ਵੀ ਵਿਖਾਈ ਵੀ ਜਿਸ ਵਿਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਸੀਨੀਅਰ ਪੁਲਿਸ ਅਫਸਰ ਬਾਹਰ ਮੌਕੇ ’ਤੇ ਮੌਜੂਦ ਹਨ ਤੇ ਫਿਰ ਉਹ ਹਥਿਆਰ ਮੰਗਵਾਉਂਦੇ ਹਨ ਤੇ ਫਿਰ ਕਿਵੇਂ ਹਥਿਆਰ ਮਿਲਦੇ ਹਨ ਤੇ ਏ ਐਸ ਆਈ ਤੇ ਹੋਰ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਕਰਦੇ ਹਨ।
ਉਹਨਾਂ ਨੇ ਇਕ ਨਿਹੰਗ ਸਿੰਘ ਦੀ ਵੀਡੀਓ ਵੀ ਵਿਖਾਈ ਜਿਸ ਵਿਚ ਉਹ ਪੁਲਿਸ ਨੂੰ ਆਖ ਰਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ’ਤੇ ਹਮਲਾ ਨਾ ਕਰਨ। ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਸਭ ਤੋਂ ਸਾਬਤ ਹੁੰਦਾ ਹੈ ਕਿ ਇਹ ਇਕਪਾਸੜ ਹਮਲਾ ਸੀ ਜਿਸਦਾ ਗੁਰਦੁਆਰਾ ਸਾਹਿਬ ਵਿਚ ਮੌਜੂਦ ਨਿਹੰਗ ਸਿੰਘਾਂ ਨੇ ਕੋਈ ਵਿਰੋਧ ਨਹੀਂ ਕੀਤਾ।
ਉਹਨਾਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਹਮਲੇ ਵਿਚ ਇਕ ਹੋਮ ਗਾਰਡ ਦੀ ਮੌਤ ਹੋਗਈ ਹੈ ਪਰ ਉਹ ਮੌਤ ਵੀ ਪੁਲਿਸ ਦੀਆਂ ਗੋਲੀਆਂ ਨਾਲ ਹੋਈ ਹੋ ਸਕਦੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਵਿਚ ਸਿਵਲ ਵਰਦੀ ਵਿਚ ਬਹੁਤ ਸਾਰੇ ਪੁਲਿਸ ਵਾਲੇ ਮੌਜੂਦ ਸਨ।
ਉਹਨਾਂ ਨੇ ਉਹ ਵੀਡੀਓ ਵੀ ਵਿਖਾਈ ਜਿਸ ਵਿਚ ਆਟੋਮੈਟਿਕ ਹਥਿਆਰਾਂ ਦੀ ਵਰਤੋਂ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ ਤੇ ਕਿਹਾ ਕਿ ਪੁਲਿਸ ਫੋਰਸ ਕੋਲ ਹੀ ਅਜਿਹੇ ਆਟੋਮੈਟਿਕ ਹਥਿਆਰ ਹਨ ਤੇ ਨਿਹੰਗ ਸਿੰਘਾਂ ਕੋਲੋਂ ਅਜਿਹਾ ਕੋਈ ਹਥਿਆਰ ਬਰਾਮਦ ਨਹੀਂ ਹੋਇਆ।
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਨਿਰਪੱਖ ਜਾਂਚ ਹੀ ਮਾਮਲੇ ਦੀ ਅਸਲ ਸੱਚਾਈ ਸਾਹਮਣੇ ਲਿਆ ਸਕਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਜਿਸ ਐਸ ਐਸ ਪੀ ਨੇ ਹਮਲੇ ਦੀ ਅਗਵਾਈ ਕੀਤੀ ਉਸਨੂੰ ਹੀ ਹਮਲੇ ਦੀ ਜਾਂਚ ਲਈ ਬਣਾਈ ਐਸ ਆਈ ਟੀ ਦਾ ਮੁਖੀ ਨਿਯੁਕਤ ਕਰ ਦਿੱਤਾ ਗਿਆ ਜੋ ਕਿ ਬਹੁਤ ਵੱਡਾ ਅਨਿਆਂ ਹੈ। ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਇਹ ਦੱਸੇ ਕਿ ਕੇਸ ਵਿਚ ਫਾਇਰਿੰਗ ਲਈ ਮੈਜਿਸਟ੍ਰੇਟ ਤੋਂ ਆਗਿਆ ਕਿਉਂ ਨਹੀਂ ਲਈ ਗਈ।
ਸਰਦਾਰ ਮਜੀਠੀਆ ਨੇ ਇਕ ਰਿਪੋਰਟ ਚਰਨਜੀਤ ਸਿੰਘ ਨੂੰ ਵੀ ਪੱਤਰਕਾਰਾਂ ਸਾਹਮਣੇ ਅੱਗੇ ਲਿਆਂਦਾ ਜਿਸਨੇ ਦੱਸਿਆ ਕਿ ਜਦੋਂ ਉਸਨੇ ਪੁਲਿਸ ਦੀ ਕਾਰਵਾਈ ਦੀ ਫਿਲਮ ਬਣਾਈ ਤਾਂ ਉਸਦਾ ਕੈਮਰਾ ਤੋੜ ਦਿੱਤਾ ਗਿਆ। ਇਸ ਪੱਤਰਕਾਰ ਨੇ ਇਹ ਵੀ ਦੱਸਿਆ ਕਿ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਉਸਦੇ ਕੈਮਰਾਮੈਨ ਦੀਆਂ ਉਂਗਲਾਂ ਏ ਐਸ ਆਈ ਲਖਵਿੰਦਰ ਸਿੰਘ ਨੇ ਲੋਹੇ ਦੀ ਰਾਡ ਮਾਰ ਕੇ ਤੋੜ ਦਿੱਤੀਆਂ।
ਇਕ ਹੋਰ ਚਸ਼ਮਦੀਦ ਗਵਾਹ ਜਿਸਦਾ ਘਰ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ, ਨੇ ਦੱਸਿਆ ਕਿ ਕਿਵੇਂ ਪੁਲਿਸ ਨੇ ਗੁਰਦੁਆਰਾ ਸਾਹਿਬ ਵਿਚ ਪਹਿਲਾਂ ਹੰਝੂ ਗੈਸ ਦੇ ਗੋਲੇ ਛੱਡੇ ਤੇ ਫਿਰ ਏ ਐਲ ਆਰ, ਐਸ ਐਲ ਆਰ ਤੇ ਏ ਕੇ 47 ਦੀ ਦੁਰਵਰਤੋਂ ਗੁਰਦੁਆਰਾ ਸਾਹਿਬ ਵਿਚ ਮੌਜੂਦ ਸੰਗਤ ’ਤੇ ਫਾਇਰਿੰਗ ਵਾਸਤੇ ਕੀਤੀ।