ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਨਾਲ ਸਬੰਧਤ ਚਾਰ ਗੈਂਗਸਟਰ ਕਰਾਸ ਫਾਇਰਿੰਗ ਵਿੱਚ ਗ੍ਰਿਫ਼ਤਾਰ,ਗੈਂਗਸਟਰਾਂ ਕੋਲੋਂ ਛੇ ਪਿਸਤੌਲ ਬਰਾਮਦ ਕੀਤੇ

ਜਲੰਧਰ, 30 ਮਾਰਚ: ਸ਼ਹਿਰ ਵਿੱਚ ਗੈਂਗਸਟਰਾਂ ਦੇ ਦੁਆਲੇ ਸ਼ਿਕੰਜਾ ਹੋਰ ਕੱਸਦੇ ਹੋਏ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਨਾਲ ਸਬੰਧਤ ਚਾਰ ਖੌਫਨਾਕ ਗੈਂਗਸਟਰਾਂ ਨੂੰ ਕਰਾਸ ਫਾਇਰਿੰਗ ਵਿਚ  ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਗੈਂਗਸਟਰ ਸ਼ਹਿਰ ਵਿੱਚ ਵੱਡੀ ਕਾਰਵਾਈ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਆਬਾਦਪੁਰਾ ‘ਚ ਰਜਿਸਟ੍ਰੇਸ਼ਨ ਨੰਬਰ ਪੀਬੀ 08 ਐੱਫਐੱਫ 9492 ਵਾਲੀ ਨੀਲੀ ਐਕਸਯੂਵੀ 700 ‘ਚ ਅਪਰਾਧ ਦੀ ਯੋਜਨਾ ਬਣਾਉਂਦੇ ਹੋਏ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਛਾਪੇਮਾਰੀ ਦੌਰਾਨ ਨਵੀਨ ਸੈਣੀ ਉਰਫ਼ ਚਿੰਟੂ ਪੁੱਤਰ ਪ੍ਰੇਮ ਸੈਣੀ ਵਾਸੀ ਮੁਹੱਲਾ 329/2 ਮੁਹੱਲਾ ਹਰਗੋਬਿੰਦ ਨਗਰ ਥਾਣਾ ਡਵੀਜ਼ਨ 8 ਜਲੰਧਰ, ਨੀਰਜ ਕਪੂਰ ਉਰਫ਼ ਝਾਂਗੀ ਪੁੱਤਰ ਵਿਜੇ ਕਪੂਰ ਵਾਸੀ ਐਚ. ਨੰ: ਬੀ-2/728 ਗਾਂਧੀ ਕੈਂਪ ਪੀ.ਐਸ. ਡਿਵੀਜ਼ਨ 2 ਜਲੰਧਰ, ਕਿਸ਼ਨ ਬਾਲੀ ਉਰਫ਼ ਗੰਜਾ ਪੁੱਤਰ ਹਰਮੇਸ਼ ਕੁਮਾਰ ਬਾਲੀ ਵਾਸੀ ਅਬਾਦਪੁਰਾ ਥਾਣਾ ਡਵੀਜ਼ਨ 4 ਜਲੰਧਰ ਅਤੇ ਵਿਨੋਦ ਜੋਸ਼ੀ ਪੁੱਤਰ ਜਗਮੋਹਨ ਜੋਸ਼ੀ ਵਾਸੀ ਸਰਾਭਾ ਨਗਰ ਥਾਣਾ ਡਵੀਜ਼ਨ 8 ਜਲੰਧਰ, ਕਰਾਸ ਫਾਇਰਿੰਗ ਵਿਚ ਕਾਬੂ ਕੀਤਾ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਅਪਰਾਧੀਆਂ ਨੂੰ ਗੋਲੀਬਾਰੀ ਦੀਆਂ ਘਟਨਾਵਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਛੇ (.32 ਬੋਰ) ਪਿਸਤੌਲ ਅਤੇ 26 ਕਾਰਤੂਸ ਬਰਾਮਦ ਕੀਤੇ ਗਏ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਪੁਲੀਸ ਨੇ ਦੋ ਸੁਪਾਰੀ ਕਤਲਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਹੈ।ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨਵੀਨ ਸੈਣੀ ਉਰਫ਼ ਚਿੰਟੂ ਵਿਰੁੱਧ 21 ਅਤੇ ਨੀਰਜ ਕਪੂਰ ਵਿਰੁੱਧ ਜਲੰਧਰ, ਮੋਹਾਲੀ, ਪਟਿਆਲਾ ਅਤੇ ਹੁਸ਼ਿਆਰਪੁਰ ਵਿਖੇ 6 ਗੰਭੀਰ ਦੋਸ਼ਾਂ ਅਧੀਨ ਪੈਂਡਿੰਗ ਹਨ ਜਦਕਿ ਦੋ ਹੋਰ ਗੈਂਗਸਟਰਾਂ ਦੇ ਅਪਰਾਧਿਕ ਪਿਛੋਕੜ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ 6 ਜਲੰਧਰ ਵਿਖੇ ਮੁਕੱਦਮਾ ਨੰਬਰ 55 ਮਿਤੀ 29-03-2024 ਅਧੀਨ 379B,392,384,387,34 IPC, 25(6),27-54-59 ਅਸਲਾ ਐਕਟ ਦਰਜ ਕੀਤਾ ਗਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।

Loading

Leave a Reply

Your email address will not be published. Required fields are marked *