

ਜਲੰਧਰ (ਵਿਸ਼ਨੂੰ)- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ ਝੂਠੇ ਪਰਚਿਆਂ ਤੇ ਧੱਕੇਸ਼ਾਹੀਆਂ ਦਾ ਕੇਂਦਰ ਬਣ ਚੁੱਕਾ ਹੈ। ਉਨ੍ਹਾਂ ਅੱਜ ਇੱਥੇ ਪੰਜਾਬ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ ਕਿ ਜਦੋਂ ਦੀ ਸੂਬੇ ਵਿੱਚ ਆਪ ਸਰਕਾਰ ਬਣੀ ਹੈ ਤੇ ਹਲਕਾ ਕਰਤਾਰਪੁਰ ਤੋਂ ਆਪ ਵਿਧਾਇਕ ਬਲਕਾਰ ਸਿੰਘ ਵਿਧਾਇਕ ਬਣੇ ਹਨ, ਉਦੋਂ ਤੋਂ ਹੀ ਹਲਕੇ ਦੇ ਆਮ ਲੋਕਾਂ ਤੇ ਖ਼ਾਸ ਕਰਕੇ ਜਿਹੜੇ ਲੋਕ ਸੱਤਾਧਰੀ ਧਿਰ ਨਾਲ ਸੰਬੰਧਿਤ ਨਹੀਂ ਹਨ, ਉਨ੍ਹਾਂ ਨਾਲ ਸਰਕਾਰੀ ਪੱਧਰ ‘ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਲੋਕਾਂ ‘ਤੇ ਬਿਨਾਂ ਕਿਸੇ ਦੋਸ਼ ਝੂਠੇ ਪਰਚੇ ਕੀਤੇ ਜਾ ਰਹੇ ਹਨ ਅਤੇ ਉੱਚ ਪੁਲਿਸ ਅਧਿਕਾਰੀਆਂ ਵੱਲੋਂ ਵੀ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਹੈ ਤੇ ਝੂਠੇ ਪਰਚਾਂ ਦਾ ਚਲਾਨ ਪੇਸ਼ ਕਰ ਦਿੱਤਾ ਜਾਂਦਾ ਹੈ, ਤਾਂ ਕਿ ਲੋਕ ਬਿਨਾਂ ਕਿਸੇ ਕਸੂਰ ਦੇ ਧੱਕੇ ਖਾਂਦੇ ਰਹਿਣ। ਉਨ੍ਹਾਂ ਕਿਹਾ ਕਿ ਹਲਕਾ ਕਰਤਾਰਪੁਰ ਦੇ ਪਿੰਡ ਫਰੀਦਪੁਰ ਵਿੱਚ ਭੈਣ-ਭਰਾ ਦੀ ਲੜਾਈ ਵਿੱਚ ਭੈਣ ਨਾਲ ਸੰਬਧਿਤ 8 ਲੋਕਾਂ ਤੇ ਘਰ ਦੇ ਅੰਦਰ ਵੜਕੇ ਕੁੱਟਮਾਰ ਕਰਨ ਦਾ ਝੂਠਾ ਕੇਸ ਚੌਕੀ ਕਿਸ਼ਨਗੜ੍ਹ ਵੱਲੋਂ ਦਰਜ ਕਰ ਦਿੱਤਾ ਗਿਆ, ਜਦਕਿ ਇਹ ਕਿਸੇ ਲੜਾਈ ਵਿੱਚ ਸ਼ਾਮਲ ਹੀ ਨਹੀਂ ਸਨ। ਪੁਲਿਸ ਉੱਚ ਅਧਿਕਾਰੀਆਂ ਨੇ ਵੀ ਇਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਤੇ ਚਲਾਨ ਪੇਸ਼ ਕਰ ਦਿੱਤਾ। ਇਸੇ ਤਰ੍ਹਾਂ ਹੀ ਆਬਾਦਪੁਰਾ ਦੇ ਸਤਪਾਲ ਪਾਲ ਤੇ ਉਸਦੇ ਭਰਾਵਾਂ ‘ਤੇ ਲਾਂਬੜਾ ਪੁਲਿਸ ਨੇ ਝੂਠਾ ਕੇਸ ਦਰਜ ਕਰ ਦਿੱਤਾ, ਕਿਉਂਕਿ ਇਨ੍ਹਾਂ ‘ਤੇ ਹੋਏ ਹਮਲੇ ਵਿੱਚ ਸਤਾਧਾਰੀ ਧਿਰ ਨਾਲ ਸੰਬੰਧਿਤ ਲੋਕਾਂ ‘ਤੇ ਪਰਚਾ ਦਰਜ ਹੋਇਆ ਸੀ ਤੇ ਇਹ ਉਸ ਵਿੱਚ ਸਮਝੌਤਾ ਨਹੀਂ ਕਰ ਰਹੇ ਸਨ। ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਮੇਰੇ ਸਮੇਤ 165 ਬਸਪਾ ਵਰਕਰਾਂ ‘ਤੇ ਝੂਠਾ ਹਾਈਵੇਅ ਐਕਟ ਦਾ ਪਰਚਾ ਥਾਣਾ ਮਕਸੂਦਾਂ ਵਿੱਚ ਦਰਜਕੀਤਾ ਗਿਆ, ਕਿਉਕਿ ਅਸੀਂ ਹਲਕੇ ਵਿੱਚ ਨਸ਼ੇ ਦੇ ਮਸਲੇ ਵਿੱਚ ਪ੍ਰਦਰਸ਼ਨ ਕਰ ਰਹੇ ਸਨ ਤੇ ਪੰਜਾਬ ਦੇ ਡੀਜੀਪੀ ਸਾਹਿਬ ਦੇ ਦਖਲ ਤੋਂ ਬਾਅਦ ਹੁਣ ਸਾਡੇ ਖਿਲਾਫ ਇਹ ਪਰਚਾ ਰੱਦ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਥਾਣਾ ਮਕਸੂਦਾਂ ਵਿੱਚ ਪਿੰਡ ਸਰਮਸਤਪੁਰ ਤੋਂ ਸਤਾਧਾਰੀ ਧਿਰ ਖਿਲਾਫ ਸਰਪੰਚੀ ਲੜ੍ਹ ਚੁੱਕੀ ਮੀਨਾ ਰਾਣੀ ਤੇ ਸਰਕਾਰੀ ਨੌਕਰੀ ਕਰਦੇ ਉਸਦੇ ਪਤੀ ਮਹਿੰਦਰ ਪਾਲ ‘ਤੇ ਵੀ ਝੂਠਾ ਲੜਾਈ ਦਾ ਪਰਚਾ ਦਰਜ ਕੀਤਾ ਗਿਆ ਹੈ ਤੇ ਉਨ੍ਹਾਂ ਦੀ ਜਲੰਧਰ ਦੇਹਾਤੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਇਲਾਵਾ ਥਾਣਾ ਭੋਗਪੁਰ ਵਿੱਚ ਹਲਕਾ ਕਰਤਾਰਪੁਰ ਦੇ ਪਿੰਡ ਬੁੱਲ੍ਹੋਵਾਲ ਨਿਵਾਸੀ ਅਵਤਾਰ ਤਾਰੀ ਤੇ ਉਸਦੇ ਬੇਟੇ ਨੂੰ ਬਿਨਾਂ ਕਿਸੇ ਲੜਾਈ ਦੇ 7/51 ਵਿੱਚ ਪੂਰੀ ਰਾਤ ਥਾਣੇ ਰੱਖਿਆ ਗਿਆ। ਥਾਣਾ ਕਰਤਾਰਪੁਰ ਵਿੱਚ ਆਰੀਆ ਨਗਰ ਨਿਵਾਸੀ ਸਰਬਜੀਤ ਲਾਲ ਤੇ ਉਸਦੀ ਦੁਕਾਨ ਵਿੱਚ ਹੀ ਹਮਲਾ ਕੀਤਾ ਗਿਆ ਅਤੇ ਉਸ ‘ਤੇ ਝੂਠਾ ਕ੍ਰਾਸ ਕੇਸ ਕਰ ਦਿੱਤਾ ਗਿਆ।
ਇਸ ਤੋਂ ਇਲਾਵਾ ਜਿਹੜੀਆਂ ਪੰਚਾਇਤਾਂ ਸਤਾਧਾਰੀ ਧਿਰ ਨਾਲ ਸੰਬੰਧਿਤ ਨਹੀਂ ਹਨ, ਉਨ੍ਹਾਂ ਨੂੰ ਚਾਰਜ ਹੀ ਨਹੀਂ ਦਿੱਤਾ ਜਾ ਰਿਹਾ। ਇਸ ਕਰਕੇ ਇਹ ਪੰਚਾਇਤਾਂ ਕੰਮ ਨਹੀਂ ਕਰ ਪਾ ਰਹੀਆਂ ਹਨ। ਪਿੰਡਾਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਕਾਲਾ ਬਾਹੀਆ ਦੇ ਸਰਪੰਚ ਪਰਮਜੀਤ ਪਾਲ ਨੂੰ ਸੱਤਾਧਾਰੀ ਧਿਰ ਵੱਲੋਂ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ ਤੇ ਉਨ੍ਹਾਂ ਦੀ ਸ਼ਾਨ ਦੇ ਖਿਲਾਫ ਸ਼ਬਦ ਵਰਤੇ ਜਾ ਰਹੇ ਹਨ, ਪਰ ਪੁਲਿਸ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ। ਬਸਪਾ ਆਗੂ ਨੇ ਕਿਹਾ ਕਿ ਸੱਤਾਧਾਰੀ ਧਿਰ ਦੇ ਬੰਦਿਆਂ ਦੇ ਕਹਿਣ ‘ਤੇ ਪੁਲਿਸ ਤੁਰੰਤ ਝੂਠਾ ਪਰਚਾ ਕਰ ਦਿੰਦੀ ਹੈ, ਪਰ ਜੇਕਰ ਕੋਈ ਸੱਤਾਧਾਰੀ ਧਿਰ ਦੇ ਬੰਦੇ ਖਿਲਾਫ ਸ਼ਿਕਾਇਤ ਦੇ ਦੇਵੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਪਿੰਡ ਬੁੱਲ੍ਹੋਵਾਲ ਵਿੱਚ ਇੱਕ ਔਰਤ ਨਾਲ ਗ਼ਲਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬੰਦੇ ਸੱਤਾਧਾਰੀ ਧਿਰ ਨਾਲ ਸੰਬੰਧਿਤ ਹੋਣ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਹਲਕੇ ਵਿੱਚ ਇਸ ਤਰ੍ਹਾਂ ਵੱਡੇ ਪੱਧਰ ‘ਤੇ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ, ਪਰ ਪ੍ਰਸ਼ਾਸਨ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਸ ਕਰਕੇ ਉਨ੍ਹਾਂ ਇਹ ਸਭ ਮਸਲੇ ਲੋਕਾਂ ਦੀ ਕਚਹਿਰੀ ਵਿੱਚ ਲਿਜਾਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਹਲਕਾ ਕਰਤਾਰਪੁਰ ਵਿੱਚ ਪੁਲਿਸ ਦੀ ਆਮ ਲੋਕਾਂ ਖਿਲਾਫ ਕੀਤੀ ਜਾ ਧੱਕੇਸ਼ਾਹੀ ਦਾ ਨੋਟਿਸ ਲੈਣ ਤੇ ਇਸ ਸਥਿਤੀ ਵਿੱਚ ਸੁਧਾਰ ਕਰਨ।

