ਘੂੰਗਟ ਕੀ ਆੜ ਮੇ” ਮਿੱਠੂ ਬਸਤੀ ਵਿੱਚ ਬਣ ਰਹੀਆਂ ਹਨ ਤਿੰਨ ਨਜਾਇਜ਼ ਦੁਕਾਨਾਂ,ਨਗਰ ਨਿਗਮ ਦੇ ਕਰਮਚਾਰੀ ਅਤੇ ਹਲਕੇ ਦੇ ਕੌਂਸਲਰ ਦੀ ਮਿਲੀਭੁਗਤ ਹੋਣ ਦਾ ਖਦਸਾ

ਜਲੰਧਰ (ਵਿਸ਼ਨੂੰ) – ਆਦਰਸ਼ ਨਗਰ ਮਿੱਠੂ ਬਸਤੀ ਰੋਡ ਵਿਖੇ ਇੱਕ ਪਲਾਟ ਵਿੱਚ ਤਿੰਨ ਦੁਕਾਨਾਂ ਦੀ ਕਥਿਤ ਨਜਾਇਜ਼ ਉਸਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਉਸਾਰੀ ਨੂੰ ਚੋਰੀ-ਛਿਪੇ ਅੰਜਾਮ ਦੇਣ ਲਈ ਸਾਈਟ ਦੇ ਆਲੇ-ਦੁਆਲੇ ਹਰੇ ਰੰਗ ਦਾ ਵੱਡਾ ਕੱਪੜਾ ਤਾਣਿਆ ਗਿਆ ਹੈ ਤਾਂ ਜੋ ਬਾਹਰਲੇ ਲੋਕਾਂ ਅਤੇ ਅਧਿਕਾਰੀਆਂ ਦੀ ਨਜ਼ਰ ਤੋਂ ਕੰਮ ਨੂੰ ਲੁਕਾਇਆ ਜਾ ਸਕੇ।
ਸੂਤਰਾਂ ਮੁਤਾਬਕ ਇਹ ਉਸਾਰੀ ਇੱਕ ਕਥਿਤ ਕਲੋਨਾਈਜ਼ਰ ਵੱਲੋਂ ਕਰਵਾਈ ਜਾ ਰਹੀ ਹੈ, ਜਿਸ ਉੱਤੇ ਪਹਿਲਾਂ ਵੀ ਜਲੰਧਰ ਸ਼ਹਿਰ ਵਿੱਚ ਕਈ ਨਜਾਇਜ਼ ਕਲੋਨੀਆਂ ਕੱਟਣ ਅਤੇ ਸਰਕਾਰ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਲੱਗਦੇ ਰਹੇ ਹਨ। ਇਲਾਕੇ ਵਿੱਚ ਚਰਚਾ ਹੈ ਕਿ ਅੱਜ ਰਾਤ ਸਮੇਂ ਇਨ੍ਹਾਂ ਨਜਾਇਜ਼ ਦੁਕਾਨਾਂ ਉੱਤੇ ਲੈਂਟਰ ਪਾਉਣ ਦੀ ਤਿਆਰੀ ਕੀਤੀ ਗਈ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਕਲੋਨਾਈਜ਼ਰ ਨੇ ਨਗਰ ਨਿਗਮ ਦੇ ਕੁਝ ਕਰਮਚਾਰੀਆਂ ਨਾਲ ਸਾਂਠ-ਗਾਂਠ ਕਰ ਰੱਖੀ ਹੈ ਤਾਂ ਜੋ ਕਾਰਵਾਈ ਤੋਂ ਬਚਿਆ ਜਾ ਸਕੇ। ਸੂਤਰਾਂ ਅਨੁਸਾਰ ਇਲਾਕੇ ਦੇ ਕੌਂਸਲਰ ਨਾਲ ਵੀ ਇਸ ਮਾਮਲੇ ਵਿੱਚ ਰਾਬਤਾ ਕਾਇਮ ਕੀਤਾ ਗਿਆ ਹੈ।
ਦੂਜੇ ਪਾਸੇ ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਇਸ ਕਥਿਤ ਨਜਾਇਜ਼ ਉਸਾਰੀ ਨੂੰ ਰੁਕਵਾਉਣ ਲਈ ਨਗਰ ਨਿਗਮ ਜਲੰਧਰ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਸੰਬੰਧਿਤ ਕਲੋਨਾਈਜ਼ਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਬਣਾਈ ਜਾ ਰਹੀ ਇਮਾਰਤ ਨੂੰ ਢਾਹਿਆ ਜਾਵੇ।
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨਜਾਇਜ਼ ਉਸਾਰੀਆਂ ਨੂੰ ਹੌਸਲਾ ਮਿਲ ਸਕਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਅਤੇ ਸੰਬੰਧਿਤ ਵਿਭਾਗ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੇ ਹਨ।

Loading

Leave a Reply

Your email address will not be published. Required fields are marked *