

ਲਾਂਬੜਾ। ਹਲਕਾ ਕਰਤਾਰਪੁਰ ਵਿਚ ਸੱਤਾ ਵਿਰੋਧੀ ਧਿਰਾਂ ਨਾਲ ਲਗਾਤਾਰ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਇਕ ਮੀਟਿੰਗ ਅਕਾਲੀ ਆਗੂ ਤੇ ਬਲਾਕ ਸੰਮਤੀ ਦੇ ਚੇਅਰਮੈਨ ਰਹੇ ਜਸਵੰਤ ਸਿੰਘ ਪੱਪੂ ਗਾਖਲ ਦੇ ਪਿੰਡ ਗਾਖਲ ਸਥਿਤ ਗ੍ਰਹਿ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚੇ। ਇਸ ਮੌਕੇ ਤੇ ਜਸਵੰਤ ਸਿੰਘ ਪੱਪੂ ਗਾਖਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਦੀ ਸੂਬੇ ਵਿਚ ਆਪ ਸਰਕਾਰ ਬਣੀ ਹੈ ਉਦੋਂ ਤੋਂ ਹੀ ਹਲਕਾ ਕਰਤਾਰਪੁਰ ਵਿਚ ਵਿਰੋਧੀ ਧਿਰਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਨ੍ਹਾ ਤੇ ਝੂਠੇ ਪਰਚੇ ਪਾਏ ਜਾ ਰਹੇ ਹਨ। ਉਨ੍ਹਾ ਕਿਹਾ ਕਿ ਜਿਹੜੇ ਸਰਪੰਚ ਸੱਤਾ ਧਿਰ ਨਾਲ ਸਬੰਧਤ ਨਹੀਂ ਹਨ ਉਨ੍ਹਾਂ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਪੁਲਿਸ ਰਾਹੀਂ ਧੱਕੇਸ਼ਾਹੀ ਕਰਵਾਈ ਜਾ ਰਹੀ ਹੈ। ਉਨ੍ਹਾ ਕਿਹਾ ਕਿ ਖ਼ਾਸ ਕਰਕੇ ਥਾਣਾ ਲਾਂਬੜਾ ਠਾਣੇ ਵਿਚ ਲਗਾਤਾਰ ਵਿਰੋਧੀ ਧਿਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ। ਬੀਤੇ ਦਿਨੀਂ ਪਿੰਡ ਧਾਲੀਵਾਲ ਕਾਦੀਆਂ ਦੇ ਸਰਪੰਚ ਤੇ ਹੋਰ ਲੋਕਾਂ ਖਿਲਾਫ ਝੂਠਾ ਪਰਚਾ ਪਾਇਆ ਗਿਆ ਸੀ। ਇਸ ਤਰ੍ਹਾਂ ਹੀ ਪਿੰਡ ਅਲੀਚਕ ਦੇ ਸਾਬਕਾ ਸਰਪੰਚ ਤੇ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਹੀ ਸੱਤਾ ਵਿਰੋਧੀ ਸਰਪੰਚਾ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਨ੍ਹਾਂ ਦੇ ਕੋਈ ਕੰਮ ਨਹੀਂ ਹੋਣ ਦਿੱਤੇ ਜਾ ਰਹੇ ਹਨ। ਉਨ੍ਹਾ ਖਿਲਾਫ ਝੂਠੇ ਪਰਚੇ ਤੇ ਝੂਠੀਆਂ ਦਰਖਾਸਤਾਂ ਰਾਹੀਂ ਉਨ੍ਹਾ ਕੋਲ਼ ਪੁਲਿਸ ਭੇਜ਼ ਦਿੱਤੀ ਜਾਂਦੀ ਹੈ। ਜੇਕਰ ਉਹ ਕੋਈ ਮਸਲਾ ਪੁਲਿਸ ਕੋਲ਼ ਲੈ ਕੇ ਜਾਂਦੇ ਹਨ ਤੇ ਉਸਤੇ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਤੇ ਉਸਨੂੰ ਠੰਡੇ ਬਸਤੇ ਪਾ ਦਿੱਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਪੁਲਿਸ ਤੇ ਸਰਕਾਰ ਦੀ ਲੋਕਾਂ ਖਿਲਾਫ ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈ ਤੋਂ ਲੋਕ ਕਾਫੀ ਪਰੇਸ਼ਾਨ ਹਨ ਤੇ ਲੋਕਾਂ ਵਿਚ ਕਾਫੀ ਗੁੱਸਾ ਵੀ ਹੈ। ਉਨ੍ਹਾ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਜੇਕਰ ਪੁਲਿਸ ਤੇ ਸਿਵਿਲ ਪ੍ਰਸ਼ਾਸ਼ਨ ਨੇ ਆਪਣੀ ਕਾਰਜਸ਼ੈਲੀ ਨਹੀਂ ਸੁਧਾਰੀ, ਧੱਕੇਸ਼ਾਹੀ ਬੰਦ ਨਹੀਂ ਕੀਤੀ ਤੇ ਕੀਤੇ ਗਏ ਝੂਠੇ ਪਰਚੇ ਇਕ ਹਫਤੇ ਵਿੱਚ ਰੱਦ ਨਹੀਂ ਕੀਤੇ ਤਾਂ ਇਲਾਕ਼ੇ ਭਰ ਦੇ ਲੋਕ ਸਾਂਝੇ ਰੂਪ ਵਿਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਸੜਕਾਂ ਤੇ ਉਤਰਨਗੇ। ਉਨ੍ਹਾ ਕਿਹਾ ਕਿ ਇਸ ਪ੍ਰਦਰਸ਼ਨ ਲਈ ਸਾਰਿਆਂ ਨੇ 5 ਜੁਲਾਈ ਦਾ ਸਮਾਂ ਤੈਅ ਕੀਤਾ ਹੈ। ਇਹ ਪ੍ਰਦਰਸ਼ਨ ਥਾਣਾ ਲਾਂਬੜਾ ਦੇ ਬਾਹਰ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਇਸ ਪ੍ਰਦਰਸ਼ਨ ਵਿਚ ਅਕਾਲੀ ਦਲ ਦੇ ਤਜਿੰਦਰ ਨਿੱਝਰ, ਕਾਂਗਰਸ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ, ਭਾਜਪਾ ਦੇ ਮਨਦੀਪ ਬਖਸ਼ੀ ਤੇ ਉਨ੍ਹਾ ਦੇ ਆਗੂ, ਹੋਰ ਕਿਸਾਨ ਤੇ ਮਜਦੂਰ ਜਥੇਬੰਦੀਆ ਦੇ ਆਗੂ ਵੀ ਸ਼ਾਮਲ ਹੋਣਗੇ। ਉਨ੍ਹਾ ਇਲਾਕ਼ੇ ਭਰ ਦੇ ਪੀੜਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਸਾਂਝੇ ਰੂਪ ਵਿਚ ਇਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ। ਅੱਜ ਦੀ ਮੀਟਿੰਗ ਵਿਚ ਸੁਰਿੰਦਰ ਸਿੰਘ ਗੋਰਾ ਬਲਾਕ ਸੰਮਤੀ ਮੈਂਬਰ, ਸਤਨਾਮ ਸਿੰਘ ਗਾਖਲ, ਮਹਿੰਦਰ ਸਿੰਘ ਗਾਖਲ, ਪਰਮਜੀਤ ਸਿੰਘ ਗਾਖਲ, ਦਲਜੀਤ ਸਿੰਘ ਗਾਖਲ ਵੀ ਮੌਜੂਦ ਸਨ


