



ਜਲੰਧਰ, 14 ਮਈ 2026 — ਸਮਾਜ ਵਿੱਚ ਆਪਣੀ ਨੇਕਦਿਲੀ, ਸਾਦਗੀ ਅਤੇ ਸਭ ਨਾਲ ਪਿਆਰ ਭਰੇ ਵਿਹਾਰ ਲਈ ਜਾਣੇ ਜਾਂਦੇ ਸਵਰਗਵਾਸੀ ਸ੍ਰੀ ਨਰੇਸ਼ ਕੁਮਾਰ ਪਿਪਲਾਨੀ ਜੀ, ਜੋ 30 ਮਾਰਚ 2026 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਅੱਜ ਮਾਡਲ ਟਾਊਨ ਗੁਰਦੁਆਰਾ ਸਾਹਿਬ, ਜਲੰਧਰ ਵਿਖੇ ਦੁਪਹਿਰ 3:00 ਵਜੇ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਅੰਤਿਮ ਅਰਦਾਸ ਕਰਵਾਈ ਗਈ।
ਇਸ ਦੁੱਖ ਭਰੇ ਮੌਕੇ ‘ਤੇ ਉਨ੍ਹਾਂ ਦੇ ਪੁੱਤਰ ਅਵਿਨਾਸ਼ ਪਿਪਲਾਨੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ਼ਹਿਰ ਦੀਆਂ ਕਈ ਮਾਣਯੋਗ ਸ਼ਖਸੀਅਤਾਂ, ਵਪਾਰੀ ਵਰਗ, ਦੋਸਤਾਂ ਅਤੇ ਜਾਣਕਾਰਾਂ ਨੇ ਹਾਜ਼ਰੀ ਭਰੀ। ਹਰ ਇੱਕ ਦੀਆਂ ਅੱਖਾਂ ਨਮ ਸਨ ਅਤੇ ਹਰ ਦਿਲ ਵਿੱਚ ਸਵਰਗਵਾਸੀ ਨਰੇਸ਼ ਕੁਮਾਰ ਪਿਪਲਾਨੀ ਜੀ ਲਈ ਬੇਅੰਤ ਸਤਿਕਾਰ ਅਤੇ ਪਿਆਰ ਸੀ।
ਇਸ ਮੌਕੇ ਪ੍ਰਸਿੱਧ ਕਾਰੋਬਾਰੀ ਨਗਿੰਦਰ ਗੁਪਤਾ, ਸੁਰਿੰਦਰ ਸਿੰਘ, ਦੀਪਕ ਸ਼ਰਮਾ, ਰਾਹੁਲ ਗੁੰਬਰ, ਚੇਅਰਮੈਨ ਚੰਦਨ ਗਰੇਵਾਲ ਜੀ, ਐਕਸਾਈਜ਼ ਅਫਸਰ ਜਸਪ੍ਰੀਤ ਸਿੰਘ, ਨਵਜੋਤ ਭਾਰਤੀ, ਅਮਨ ਪੁਰੀ, ਰਮਨ ਭਗਤ, ਸੁਨੀਲ ਗੁਪਤਾ ਸਮੇਤ ਅਨੇਕਾਂ ਸੱਜਣ-ਮਿੱਤਰਾਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ।
ਸਭ ਨੇ ਇਕ ਸੁਰ ਵਿੱਚ ਕਿਹਾ ਕਿ ਨਰੇਸ਼ ਕੁਮਾਰ ਪਿਪਲਾਨੀ ਜੀ ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ, ਆਪਣੇ ਸਟਾਫ ਤੋਂ ਲੈ ਕੇ ਵੱਡੇ ਕਾਰੋਬਾਰੀਆਂ ਤੱਕ ਹਰ ਕੋਈ ਦਿਲੋਂ ਪਿਆਰ ਕਰਦਾ ਸੀ। ਉਨ੍ਹਾਂ ਦੀ ਸਾਦਗੀ, ਮਿਲਣਸਾਰ ਸੁਭਾਉ ਅਤੇ ਮਨੁੱਖਤਾ ਭਰੀ ਸੋਚ ਹਮੇਸ਼ਾ ਸਭ ਦੇ ਦਿਲਾਂ ਵਿੱਚ ਜਿਉਂਦੀ ਰਹੇਗੀ।
ਇਸ ਮੌਕੇ ਹਾਜ਼ਰ ਸਭ ਸੰਗਤ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਸਵਰਗਵਾਸੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਅਸਹਿਣਯੋਗ ਦੁੱਖ ਸਹਿਣ ਦੀ ਤਾਕਤ ਪ੍ਰਦਾਨ ਕਰਨ।
![]()






