ਪੰਜਾਬ ਦਿਵਸ ’ਤੇ ਬਸਪਾ ਨੇ ਬੋਰੀਆਂ ’ਤੇ ਬੈਠ ਕੇ ਡੀਸੀ ਦਫਤਰ ਅੱਗੇ ਕੀਤਾ ਪ੍ਰਦਰਸ਼ਨ, ਆਪ ਸਰਕਾਰ ਨੂੰ ਘੇਰਿਆ

ਜਲੰਧਰ:- ਬਹੁਜਨ ਸਮਾਜ ਪਾਰਟੀ ਨੇ ਅੱਜ ਬੁੱਧਵਾਰ ਨੂੰ ਪੰਜਾਬ ਦਿਵਸ ਮੌਕੇ ਡੀਸੀ ਦਫਤਰ ਦੇ ਬਾਹਰ ਆਪ ਸਰਕਾਰ ਖਿਲਾਫ ਮੰਚ ਲਗਾਇਆ। ਇਸ ਦੌਰਾਨ ਦਲਿਤ-ਪੱਛੜੇ ਵਰਗਾਂ ਦੀ ਅਣਦੇਖੀ, ਸਈਪੁਰ ਦੀ ਡਾ. ਅੰਬੇਡਕਰ ਪਾਰਕ ’ਚ ਨਗਰ ਨਿਗਮ ਦੀ ਗਲਤ ਕਾਰਵਾਈ ਤੇ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਬਸਪਾ ਆਗੂਆਂ-ਵਰਕਰਾਂ ਖਿਲਾਫ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਤੇ ਨਜਾਇਜ਼ ਗਿ੍ਰਫਤਾਰੀ ਅਤੇ ਜਲੰਧਰ ਦਿਹਾਤੀ ਪੁਲਿਸ ਵੱਲੋਂ ਥਾਣਾ ਮਕਸੂਦਾਂ ’ਚ 163 ਬਸਪਾ ਆਗੂਆਂ-ਵਰਕਰਾਂ ਖਿਲਾਫ ਝੂਠਾ ਹਾਈਵੇ ਐਕਟ ਦਾ ਮਾਮਲਾ ਦਰਜ ਕੀਤੇ ਜਾਣ ਆਦਿ ਮੁੱਦਿਆਂ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਬੋਰੀਆਂ ’ਤੇ ਬੈਠ ਕੇ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਮੁੱਖ ਮਹਿਮਾਨ ਵੱਜੋਂ, ਜਦਕਿ ਬਸਪਾ ਸੂਬਾ ਇੰਚਾਰਜ ਡਾ. ਨਛੱਤਰ ਪਾਲ ਐਮਐਲਏ ਤੇ ਅਜੀਤ ਸਿੰਘ ਭੈਣੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਮੰਚ ਦਾ ਸੰਚਾਲਨ ਕੀਤਾ। ਪ੍ਰਦਰਸ਼ਨ ਨੂੰ ਸੰਬੋਧਿਤ ਕਰਦੇ ਹੋਏ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਲੋਕਾਂ ਨੂੰ ਗਾਰੰਟੀਆਂ ਦਿੱਤੀਆਂ ਸਨ, ਪਰ ਸੂਬੇ ’ਚ ਆਪ ਦੀ ਸਰਕਾਰ ਬਣੇ ਨੂੰ ਕਰੀਬ ਪੌਣੇ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਨਾ ਤਾਂ ਆਪ ਸਰਕਾਰ ਨੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ-ਕੋਚਿੰਗ ਦਿੱਤੀ ਅਤੇ ਨਾ ਹੀ ਸਮਾਜ ਦੇ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦਾ ਸਾਰਾ ਖਰਚ ਚੁੱਕਿਆ। ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ, ਗਰੀਬਾਂ ਨੂੰ 5-5 ਮਰਲੇ ਦੇ ਪਲਾਟ ਦੇਣ ਅਤੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੀਆਂ ਗਾਰੰਟੀਆਂ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ। ਬਿਮਾਰੀਆਂ ਨਾਲ ਪੀੜਤ ਲੋਕਾਂ ਦਾ ਸਾਰਾ ਖਰਚ ਚੁੱਕਣ ਦੀ ਆਪ ਸਰਕਾਰ ਦੀ ਗਾਰੰਟੀ ਵੀ ਫੇਲ੍ਹ ਸਾਬਿਤ ਹੋਈ।
ਸ. ਗੜ੍ਹੀ ਨੇ ਕਿਹਾ ਕਿ ਆਪ ਸਰਕਾਰ ਨੇ ਅਨੁਸੂਚਿਤ ਜਾਤੀ ਵਰਗ ਦੀ ਅਣਦੇਖੀ ਕੀਤੀ। ਰਾਜਸਭਾ ’ਚ ਐਸਸੀ ਸਮਾਜ ਦਾ ਇੱਕ ਵੀ ਮੈਂਬਰ ਨਹੀਂ ਚੁਣਿਆ, ਐਸਸੀ ਕਮਿਸ਼ਨ ਦਾ ਚੇਅਰਮੈਨ ਨਾ ਲਗਾਉਣ ਦੇ ਨਾਲ-ਨਾਲ ਇਸ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਵੀ 10 ਤੋਂ ਘਟਾ ਕੇ 5 ਕਰ ਦਿੱਤੀ ਗਈ। ਇਨ੍ਹਾਂ ਦਾ ਕਾਰਜਕਾਲ ਵੀ 6 ਤੋਂ ਘਟਾ ਕੇ 3 ਸਾਲ ਕੀਤਾ ਗਿਆ। ਇਸ ਤੋਂ ਇਲਾਵਾ ਲਾਅ ਅਫਸਰਾਂ ਦੀ ਭਰਤੀ ’ਚ ਐਸਸੀ ਵਰਗ ਨੂੰ ਜਗ੍ਹਾ ਨਹੀਂ ਦਿੱਤੀ ਗਈ, ਮਜ਼ਦੂਰਾਂ ਦੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਰ ਦਿੱਤੇ ਗਏ, ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੋਂ ਵਾਂਝਾ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ’ਚ ਓਬੀਸੀ ਜਾਤੀਆਂ ਦੀ ਆਬਾਦੀ 45 ਫੀਸਦੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਅਣਗੌਲੇ ਕੀਤਾ ਗਿਆ। ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਲੰਧਰ ਦੇ ਸਈਪੁਰ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਾਂ ’ਤੇ ਬਣੇ ਪਾਰਕ ਨੂੰ ਨਗਰ ਨਿਗਮ ਜਲੰਧਰ ਵੱਲੋਂ ਗਲਤ ਢੰਗ ਨਾਲ ਤੋੜਿਆ ਗਿਆ। ਇਸ ਕਾਰਵਾਈ ਦਾ ਵਿਰੋਧ ਕਰ ਰਹੇ ਬਸਪਾ ਆਗੂਆਂ-ਵਰਕਰਾਂ ’ਤੇ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਤੇ ਉਨ੍ਹਾਂ ਦੀ ਨਜਾਇਜ਼ ਗਿ੍ਰਫਤਾਰੀ ਕੀਤੀ ਗਈ। ਡਾ. ਅੰਬੇਡਕਰ ਜੀ ਦੇ ਨਾਂ ’ਤੇ ਬਣੀ ਪਾਰਕ ਦੇ ਸਨਮਾਨ ਲਈ ਬਸਪਾ ਡਟ ਕੇ ਖੜੀ ਹੈ ਤੇ ਖੜੀ ਰਹੇਗੀ। ਬਸਪਾ ਵਰਕਰਾਂ ਖਿਲਾਫ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਅਣਮਨੁੱਖੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਬਸਪਾ ਸੂਬਾ ਇੰਚਾਰਜ ਤੇ ਐਮਐਲਏ ਡਾ. ਨਛੱਤਰ ਪਾਲ ਅਤੇ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਪੰਜਾਬ ’ਚ ਓਬੀਸੀ ਵਰਗਾਂ ਨੂੰ ਸਿੱਖਿਆ, ਨੌਕਰੀਆਂ ਅਤੇ ਰਾਜਨੀਤਿਕ ਖੇਤਰ ’ਚ ਆਬਾਦੀ ਅਨੁਸਾਰ ਰਾਖਵਾਂਕਰਨ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਲਈ ਓਬੀਸੀ ਭਲਾਈ ਬੋਰਡ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਬਣੇ ਨੂੰ ਕਰੀਬ ਪੌਣੇ ਦੋ ਸਾਲ ਬੀਤ ਚੁੱਕੇ ਹਨ, ਪਰ ਹਾਲਾਤ ਪਹਿਲਾਂ ਨਾਲੋਂ ਵੀ ਖਰਾਬ ਹੋ ਚੁੱਕੇ ਹਨ। ਪੰਜਾਬ ਧਰਨਿਆਂ ਦਾ ਸੂਬਾ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜਲੰਧਰ ’ਚ ਖਾਸਕਰ ਬਸਪਾ ਆਗੂਆਂ ਤੇ ਵਰਕਰਾਂ ਖਿਲਾਫ ਆਪ ਸਰਕਾਰ ਵੱਲੋਂ ਬਦਲਾਖੋਰੀ ਨੀਤੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਆਪ ਸਰਕਾਰ ਦੇ ਪ੍ਰਭਾਵ ਹੇਠ ਜਲੰਧਰ ਦਿਹਾਤੀ ਪੁਲਿਸ ਵੱਲੋਂ 23 ਜੁਲਾਈ, 2023 ਨੂੰ ਥਾਣਾ ਮਕਸੂਦਾਂ ਵਿਖੇ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਸਮੇਤ ਕੁੱਲ 163 ਬਸਪਾ ਵਰਕਰਾਂ ’ਤੇ ਨਸ਼ੇ ਖਿਲਾਫ ਪ੍ਰਦਰਸ਼ਨ ਕਰਨ ’ਤੇ ਝੂਠਾ ਹਾਈਵੇ ਐਕਟ ਦਾ ਪਰਚਾ (ਐਫਆਈਆਰ 85/2023) ਦਰਜ ਕੀਤਾ ਗਿਆ। ਇਹ ਸਭ ਹਲਕਾ ਕਰਤਾਰਪੁਰ ’ਚ ਬਸਪਾ ਆਗੂਆਂ ਤੇ ਵਰਕਰਾਂ ਨੂੰ ਦਬਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਸਪਾ ਵਰਕਰਾਂ ਖਿਲਾਫ ਦਰਜ ਕੀਤੇ ਗਏ ਇਸ ਝੂਠੇ ਪਰਚੇ ਨੂੰ 15 ਦਿਨਾਂ ਦੇ ਅੰਦਰ ਰੱਦ ਨਾ ਕੀਤਾ ਗਿਆ ਤਾਂ ਐਸਐਸਪੀ ਜਲੰਧਰ ਦਿਹਾਤੀ ਦਫਤਰ ਅੱਗੇ ਬਸਪਾ ਵੱਲੋਂ ਪੱਕਾ ਮੋਰਚਾ ਲਗਾ ਕੇ ਇਸਨੂੰ ਬੰਦ ਕਰ ਦਿੱਤਾ ਜਾਵੇਗਾ।
ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਝੂਠੇ ਪਰਚਿਆਂ ਤੇ ਪੁਲਿਸ ਤਸ਼ੱਦਦ ਰਾਹੀਂ ਉਨ੍ਹਾਂ ਨੂੰ ਦਬਾਉਣਾ ਚਾਹੁੰਦੀ ਹੈ, ਪਰ ਉਹ ਦੱਬਣ ਵਾਲੇ ਨਹੀਂ ਹਨ। ਲੋਕ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਦਿਆਂ ਉਹ ਸੂਲੀ ’ਤੇ ਵੀ ਚੜ੍ਹਨ ਨੂੰ ਤਿਆਰ ਬੈਠੇ ਹਨ। ਜੇਕਰ ਮਾੜੇ ਸਿਸਟਮ ਖਿਲਾਫ ਸਾਲਾਂਬੱਧੀ ਸੰਘਰਸ਼ ਕਰਨਾ ਪਿਆ ਤਾਂ ਉਹ ਵੀ ਕੀਤਾ ਜਾਵੇਗਾ। ਪ੍ਰਦਰਸ਼ਨ ਤੋਂ ਬਾਅਦ ਉਪਰੋਕਤ ਮੁੱਦਿਆਂ ਨੂੰ ਲੈ ਕੇ ਰਾਜਪਾਲ ਦੇ ਨਾਂ ਡੀਸੀ ਰਾਹੀਂ ਇੱਕ ਮੈਮੋਰੰਡਮ ਦਿੱਤਾ ਗਿਆ।
ਪ੍ਰਦਰਸ਼ਨ ਨੂੰ ਬਸਪਾ ਸੂਬਾ ਜਨਰਲ ਸਕੱਤਰ ਗੁਰਲਾਲ ਸੈਲਾ, ਚੌਧਰੀ ਗੁਰਨਾਮ ਸਿੰਘ, ਠੇਕੇਦਾਰ ਰਜਿੰਦਰ ਸਿੰਘ, ਲਾਲ ਚੰਦ ਔਜਲਾ, ਤੀਰਥ ਰਾਜਪੁਰਾ, ਡਾ. ਮੱਖਣ ਸਿੰਘ, ਇੰਜ. ਜਸਵੰਤ ਰਾਏ, ਸੁਖਵਿੰਦਰ ਬਿੱਟੂ, ਜਗਦੀਸ਼ ਸ਼ੇਰਪੁਰੀ, ਬਲਵਿੰਦਰ ਰਲ੍ਹ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ ਆਦਿ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਬਸਪਾ ਆਗੂ ਪਰਮਜੀਤ ਮੱਲ, ਜਗਦੀਸ਼ ਦੀਸ਼ਾ, ਵਿਜੇ ਯਾਦਵ, ਹਰਮੇਸ਼ ਖੁਰਲਾ ਕਿੰਗਰਾ, ਸਲਵਿੰਦਰ ਕੁਮਾਰ, ਦੇਵਰਾਜ ਸੁੰਮਨ, ਅਮਰਜੀਤ ਸਿੰਘ ਨੰਗਲ, ਸ਼ਾਦੀ ਲਾਲ, ਪ੍ਰਭਜਿੰਦਰ ਸਿੰਘ ਪੱਤੜ, ਗਿਆਨ ਚੰਦ ਕਰਤਾਰਪੁਰ, ਰਣਜੀਤ ਕੁਮਾਰ, ਮਦਨ ਮੱਦੀ ਕੌਂਸਲਰ, ਰਾਜਕੁਮਾਰ ਭੁੱਟੋ, ਮਦਨ ਬਿੱਲਾ, ਅਸ਼ੋਕ ਮੱਲ, ਗੁਰਪਾਲ ਪਾਲਾ ਆਦਿ ਵੀ ਮੌਜ਼ੂਦ ਸਨ।

Loading

Leave a Reply

Your email address will not be published. Required fields are marked *