ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਕਲਾਕ ਟਾਵਰ ਦੇ ਨਵੀਨੀਕਰਨ ਦਾ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਵੱਲੋਂ ਉਦਘਾਟਨ

ਜਲੰਧਰ, 16 ਜੂਨ: ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਇਤਿਹਾਸਕ ਕਲਾਕ ਟਾਵਰ ਦੇ ਨਵੀਨੀਕਰਨ ਦਾ ਉਦਘਾਟਨ ਅੱਜ ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਰਸਮੀ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਮਨਵੀਰ ਸਿੰਘ, ਪ੍ਰੋ.ਚਾਂਸਲਰ ਸ੍ਰੀ ਹਰਪ੍ਰੀਤ ਸਿੰਘ ਤੇ ਅਜੇ ਚੱਢਾ ਸਾਬਕਾ ਪ੍ਰਧਾਨ ਗੀਤਾ ਮੰਦਿਰ ਮਾਡਲ ਟਾਊਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸਮਾਗਮ ਦੌਰਾਨ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਅਤੇ ਗਵਰਨਿੰਗ ਕੌਂਸਲ ਦੀ ਸਮੁੱਚੀ ਟੀਮ ਨੇ ਮੁੱਖ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਤਿਹਾਸਕ ਅਤੇ ਪ੍ਰਤੀਕਾਤਮਕ ਢਾਂਚਿਆਂ ਦੀ ਸੰਭਾਲ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਕਲੱਬ ਦਾ ਕਲਾਕ ਟਾਵਰ ਪੱਤਰਕਾਰ ਭਾਈਚਾਰੇ ਦੀ ਪਛਾਣ ਅਤੇ ਵਿਰਾਸਤ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਬਹਾਲੀ ਭਵਿੱਖੀ ਪੀੜ੍ਹੀਆਂ ਲਈ ਇੱਕ ਮਹੱਤਵਪੂਰਨ ਯਾਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰੈੱਸ ਕਲੱਬ ਨੇ ਹਮੇਸ਼ਾ ਉਸਾਰੂ ਤੇ ਹਾਂਪੱਖੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਵਿਰਾਸਤਾਂ ਦੀ ਸੰਭਾਲ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਜਸਪ੍ਰੀਤ ਸਿੰਘ ਸੈਣੀ ਨੇ ਸਵਾਗਤੀ ਭਾਸ਼ਣ ਵਿਚ ਕਿਹਾ ਕਿ ਫਰਵਰੀ 1982 ਵਿਚ ਹੋਂਦ ਵਿਚ ਆਏ ਕਲਾਕ ਟਾਵਰ ਦੀ ਘੜੀ ਕਾਫੀ ਸਮੇਂ ਤੋਂ ਖਰਾਬ ਸੀ, ਜਿਸ ਨੂੰ ਮੁੜ ਦਰੁਸਤ ਕਰਨ ਵਿਚ ਸੀ ਟੀ ਇੰਸਟੀਚਿਊਟ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੀ ਵਿਰਾਸਤ ਨੂੰ ਸੰਭਾਲਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਕਲੱਬ ਦੇ ਸਾਬਕਾ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪ੍ਰੈੱਸ ਕਲੱਬ ਜਿਥੇ ਪੱਤਰਕਾਰਾਂ ਨੂੰ ਇਕੱਠੇ ਹੋਣ ਦਾ ਇਕ ਅਹਿਮ ਜ਼ਰੀਆ ਹੈ, ਉਥੇ ਲੋਕਾਂ ਨੂੰ ਆਪਣੀ ਗੱਲ ਕਹਿਣ ਲਈ ਇਕ ਨਿਰਪੱਖ ਮੰਚ ਦੀ ਭੂਮਿਕਾ ਨਿਭਾਉਦਾ ਹੈ। ਧੰਨਵਾਦੀ ਸ਼ਬਦ ਸੰਬੋਧਨ ਕਰਦਿਆਂ ਕਲੱਬ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਅਤੇ ਸੀ ਟੀ ਅਦਾਰੇ ਨੇ ਹਮੇਸ਼ਾ ਪੱਤਰਕਾਰ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸ਼ਹਿਰ ਅਤੇ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਪੱਤਰਕਾਰੀ ਜੋਖਮ ਭਰਿਆ ਕਾਰਜ ਹੈ ਪਰ ਫਿਰ ਵੀ ਪੱਤਰਕਾਰ ਨਿਰਪੱਖ ਪੱਤਰਕਾਰੀ ਕਰਨ ਲਈ ਯਤਨਸ਼ੀਲ ਹਨ। ਡਾ.ਮਨਵੀਰ ਸਿੰਘ ਅਤੇ ਸ੍ਰੀ ਹਰਪ੍ਰੀਤ ਸਿੰਘ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਦੇ ਸਾਂਝੇ ਯਤਨਾਂ ਨਾਲ ਵਿਰਾਸਤੀ ਧਰੋਹਰਾਂ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕਦਾ ਹੈ। ਸਮਾਗਮ ਦੌਰਾਨ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜੇਸ਼ ਥਾਪਾ, ਤੇਜਿੰਦਰ ਕੌਰ ਥਿੰਦ, ਪਰਮਜੀਤ ਸਿੰਘ ਰੰਗਪੁਰੀ, ਮਨਦੀਪ ਸ਼ਰਮਾ, ਸ਼ਿਵ ਸ਼ਰਮਾ, ਸੁਕਰਾਂਤ ਸਫਰੀ, ਰਾਜੇਸ਼ ਯੋਗੀ, ਜਤਿੰਦਰ ਪਾਲ ਸਿੰਘ, ਨਵੀਨ ਸ਼ਰਮਾ, ਮਲਕੀਤ ਸਿੰਘ ਬਰਾੜ, ਮਦਨ ਭਾਰਦਵਾਜ, ਰਮੇਸ਼ ਗਾਬਾ, ਦਵਿੰਦਰ ਠਾਕੁਰ, ਹਰਜਿੰਦਰ ਸਿੰਘ, ਵਰਿੰਦਰ ਰਾਜਪੂਤ, ਨਿਸ਼ਾ ਸ਼ਰਮਾ ਅਤੇ ਹੋਰ ਵੀ ਮੀਡੀਆ ਜਗਤ ਨਾਲ ਜੁੜੀਆਂ ਅਹਿਮ ਸਖ਼ਸ਼ੀਅਤਾਂ ਹਾਜ਼ਰ ਰਹੀਆਂ।

Loading

Leave a Reply

Your email address will not be published. Required fields are marked *