ਕਰਤਾਰਪੁਰ ‘ਚ 5 ਏਕੜ ‘ਚ ਉਸਰ ਰਹੀ ਨਜਾਇਜ਼ ਕਲੋਨੀ ‘ਤੇ ਪ੍ਰਸ਼ਾਸਨਿਕ ਸ਼ਿਕੰਜਾ; ADC ਵੱਲੋਂ ਕਾਰਵਾਈ ਦੇ ਹੁਕਮ,ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ: ਬਿਨਾਂ ਮਨਜ਼ੂਰੀ ਵੱਢੇ ਗਏ ਦਰੱਖਤ, ਮੌਕੇ ‘ਤੇ ਸੜਕਾਂ ਦਾ ਕੰਮ ਤੇਜ਼

ਜਲੰਧਰ/ਕਰਤਾਰਪੁਰ :-ਕਰਤਾਰਪੁਰ ਨਗਰ ਕੌਂਸਲ ਦੇ ਅਧੀਨ ਆਉਂਦੇ ਪਿੰਡ ਕਾਲਵਾਂ ਰੋਡ, ਨੇੜੇ ਮੋਤੀ ਬਾਗ ਕਲੋਨੀ ਵਿਖੇ ਨਿਯਮਾਂ ਨੂੰ ਛਿੱਕੇ ਟੰਗ ਕੇ ਬਣਾਈ ਜਾ ਰਹੀ ਇੱਕ ਗੈਰ-ਕਾਨੂੰਨੀ ਕਲੋਨੀ ਦਾ ਮਾਮਲਾ ਗਰਮਾ ਗਿਆ ਹੈ। ਲਗਭਗ 5 ਏਕੜ ਜ਼ਮੀਨ ਵਿੱਚ ਫੈਲੀ ਇਸ ਕਲੋਨੀ ਸਬੰਧੀ ਖੁਲਾਸਾ ਹੋਇਆ ਹੈ ਕਿ ਕਲੋਨਾਈਜ਼ਰ ਵੱਲੋਂ ਸਬੰਧਤ ਵਿਭਾਗ ਜਾਂ ਨਗਰ ਕੌਂਸਲ ਤੋਂ ਕੋਈ ਵੀ CLU (Change of Land Use) ਜਾਂ ਲੋੜੀਂਦੀ ਮਨਜ਼ੂਰੀ ਨਹੀਂ ਲਈ ਗਈ।
ਵਾਤਾਵਰਣ ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾ
ਭਰੋਸੇਯੋਗ ਸੂਤਰਾਂ ਅਨੁਸਾਰ, ਮੌਕੇ ‘ਤੇ ਸੜਕਾਂ ਦਾ ਨਿਰਮਾਣ ਬਹੁਤ ਤੇਜ਼ੀ ਨਾਲ ਕੀਤਾ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਉਸਾਰੀ ਦੌਰਾਨ ਵੱਡੀ ਗਿਣਤੀ ਵਿੱਚ ਹਰੇ-ਭਰੇ ਰੁੱਖਾਂ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਕੱਟ ਦਿੱਤਾ ਗਿਆ ਹੈ, ਜੋ ਸਿੱਧੇ ਤੌਰ ‘ਤੇ ਵਾਤਾਵਰਣੀ ਨਿਯਮਾਂ ਦੀ ਉਲੰਘਣਾ ਹੈ। ਕਲੋਨੀ ਵਿੱਚ ਸੀਵਰੇਜ ਅਤੇ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਦਾ ਵੀ ਕੋਈ ਪੁਖ਼ਤਾ ਪ੍ਰਬੰਧ ਨਹੀਂ ਦਿਖ ਰਿਹਾ।
ਲੋਕਾਂ ਨਾਲ ਧੋਖਾਧੜੀ ਦਾ ਖ਼ਦਸ਼ਾ
ਸ਼ਿਕਾਇਤਕਰਤਾ ਅਨੁਸਾਰ, ਕਲੋਨਾਈਜ਼ਰ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਦਿਆਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਲੋਨੀ ਪੂਰੀ ਤਰ੍ਹਾਂ ਮਨਜ਼ੂਰਸ਼ੁਦਾ ਹੈ। ਗੈਰ-ਕਾਨੂੰਨੀ ਪਲਾਟ ਵੇਚ ਕੇ ਲੋਕਾਂ ਨੂੰ ਮੋਟਾ ਆਰਥਿਕ ਨੁਕਸਾਨ ਪਹੁੰਚਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
RTI ਐਕਟਿਵਿਸਟ ਵੱਲੋਂ FIR ਦੀ ਮੰਗ
ਜਲੰਧਰ ਦੇ ਇੱਕ ਆਰਟੀਆਈ (RTI) ਐਕਟਿਵਿਸਟ ਨੇ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ:
ਦੋਸ਼ੀ ਕਲੋਨਾਈਜ਼ਰਾਂ ਖ਼ਿਲਾਫ਼ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ, 1995 (PAPRA) ਦੇ ਤਹਿਤ ਤੁਰੰਤ FIR ਦਰਜ ਕੀਤੀ ਜਾਵੇ।
ਗੈਰ-ਕਾਨੂੰਨੀ ਉਸਾਰੀ ਨੂੰ ਤੁਰੰਤ ਢਾਹਿਆ ਜਾਵੇ ਅਤੇ ਭਾਰੀ ਜੁਰਮਾਨਾ ਲਗਾਇਆ ਜਾਵੇ।
ਕੀ ਕਹਿਣਾ ਹੈ ਅਧਿਕਾਰੀਆਂ ਦਾ?
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏ.ਡੀ.ਸੀ. (ਸ਼ਹਿਰੀ ਵਿਕਾਸ) ਕੋਲ ਸ਼ਿਕਾਇਤ ਪਹੁੰਚ ਚੁੱਕੀ ਹੈ। ਦਫ਼ਤਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਸਬੰਧਤ ਈ.ਓ. (ਕਾਰਜਸਾਧਕ ਅਫ਼ਸਰ) ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇਸ ਕਲੋਨੀ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਜਲਦ ਤੋਂ ਜਲਦ ਰਿਪੋਰਟ ਦਫ਼ਤਰ ਨੂੰ ਸੌਂਪੀ ਜਾਵੇ।

Loading

Leave a Reply

Your email address will not be published. Required fields are marked *